ਔਜ਼ੀ, ਭਾਰਤੀ, ਪੰਜਾਬੀ ਤੇ ਗੁਰਬਾਣੀ

ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਲਗਭਗ 468,800 ਹੈ ਅਤੇ ਪੰਜਾਬੀ ਸਭ ਤੋਂ ਵੱਧ ਰਫਤਾਰ ਨਾਲ ਵੱਧਣ ਵਾਲੀ ਭਾਸ਼ਾ ਹੈ। ਭਾਰਤੀ ਲੋਕਾਂ ਦੇ  ਪਰਵਾਸ ਦਾ ਸਭ ਤੋਂ ਵੱਡਾ ਕਾਰਨ ਆਰਥਿਕ ਤੰਗੀ ਅਤੇ ਬਿਹਤਰ ਜ਼ਿੰਦਗੀ ਦੀ ਤਲਾਸ਼ ਹੈ। ਬਹੁਤੇ ਪ੍ਰਵਾਸੀ ਇੱਥੇ ਆ ਕੇ ਸੁੱਖ ਦਾ ਸਾਹ ਲੈਂਦੇ ਹਨ ਕਿਉਂਕਿ ਨਾ ਤਾਂ ਇੱਥੇ ਕੋਈ ਬਹੁਤੀ ਰਿਸ਼ਵਤਖੋਰੀ ਹੈ, ਨਾ ਸਰਕਾਰ ਦੀ ਵਧੀਕੀ, ਨਾ ਕੋਈ ਦੰਗੇ ਫ਼ਸਾਦ, ਨਾ ਅੱਤਵਾਦ, ਨਾ ਸਿਆਸਤਦਾਨਾਂ ਤੇ ਬਦਮਾਸ਼ਾਂ ਦਾ ਭੈਅ, ਨਾ ਇਸ਼ਕ ਦੇ ਵੈਰੀ, ਨਾ ਇਸ਼ਕ ਤੇ ਪਹਿਰੇ, ਆਦਿ।

ਪੁਲਿਸ, ਪ੍ਰਸ਼ਾਸਨ ਤੇ ਸਿਆਸਤਦਾਨ ਤੁਹਾਨੂੰ ‘ਸਰ’ ਕਹਿਕੇ ਬੁਲਾਉਂਦੇ ਹਨ ਤੇ ਤੁਹਾਨੂੰ ਇਉਂ ਰਗੜਦੇ ਹਨ ਜਿਵੇਂ ਕੋਈ ਮੱਲ ਤੁਹਾਨੂੰ ਮਾਲਸ਼ ਵੇਲੇ ਰਗੜੇ। ਸਰਕਾਰ ਤੁਹਾਨੂੰ ਟੈਕਸਾਂ ਰਾਹੀਂ ਇਉਂ ਚੂਸਦੀ ਹੈ ਜਿਵੇਂ ਭੌਰ ਫੁੱਲ ਨੂੰ। ਇਸੇ ਕਰਕੇ ਹੀ ਤਾਂ ਪ੍ਰਵਾਸੀ ਆਪਣੇ ਜਜਮਾਨਾਂ ਦੇ ਸਿਹਤ ਪ੍ਰਬੰਧ, ਸਿੱਖਿਆ ਦੇ ਮਿਆਰ, ਉੱਚੀ ਰਹਿਣੀ ਸਹਿਣੀ ਆਦਿ ਦੇ ਸੋਹਲੇ ਗਾਉਂਦੇ ਨਹੀਂ ਥੱਕਦੇ।

ਜਦ ਸਖ਼ਤ ਮਿਹਨਤ ਕਰਕੇ ਮਾਇਆ ਜੇਬ ਵਿੱਚ ਆਉਂਦੀ ਹੈ ਤਾਂ ਪ੍ਰਵਾਸੀ ਮਜ਼ਦੂਰ ਫਿਰ ਉਹੋ ਕਰਦਾ ਹੈ ਜੋ ਅੰਨਾ ਅੱਖਾਂ ਦੇ ਮਿਲਣ ਤੇ ਕਰਦਾ ਹੈ, ਭੁੱਖਾ ਰੋਟੀ ਦੇ ਮਿਲਣ ਤੇ, ਨੰਗਾ ਨੰਗੇਜ਼  ਢਕੇ ਜਾਣ ਤੇ, ਨਿਆਸਰਾ ਆਸਰਾ ਮਿਲ ਜਾਣ ਤੇ, ਆਸ਼ਕ ਮਸ਼ੂਕ ਦੇ ਮਿਲਣ ਤੇ, ਨਸ਼ੇੜੀ ਨਸ਼ੇ ਦੇ ਮਿਲਣ ਤੇ, ਅਤੇ ਕੁੱਝ ਅਜਿਹੇ ਵੀ ਹਨ ਜੋ ਇਹ ਮਾਇਆ ਆਪਣੇ ਘਰ ਭੇਜਦੇ ਹਨ ਤੇ ਕੁੱਝ ਲੋਕ ਭਲਾਈ ਤੇ ਲਾਉਂਦੇ ਹਨ। ਪਰ ਬਹੁਤੇ ਇਸ ਪਰਾਈ ਮਾਇਆ ਦੀ ਚਕਾਚੌਂਧ ਵਿੱਚ ਅੰਨੇ ਹੋਕੇ ਇਸ ਵਿੱਚ ਖਚਿਤ ਹੋ ਆਪਣਾ ਮੂਲ ਗਵਾਉਂਦੇ ਹਨ। 

ਜਦ ਇਨਸਾਨ ਨੂੰ ਰੋਟੀ, ਕੱਪੜਾ, ਮਕਾਨ ਆਦਿ ਮਿਲ ਜਾਂਦਾ ਹੈ ਤਾਂ ਉਸਦੀ ਹਉਮੈ ਆਪਣੀ ਹਵਸ ਦੀ ਭਾਲ ਵਿੱਚ ਲੋਕਾਂ ਦੀਆਂ ਕੰਧਾਂ ਢਾਹੁੰਦੀ ਹੈ, ਲੋਕਾਂ ਨੂੰ ਮੱਤਾਂ ਦਿੰਦੀ ਹੈ, ਸ਼ਰੀਕਾਂ ਨੂੰ ਅੱਗ ਲਾਉਂਦੀ ਹੈ, ਤੇ ਸਰਪੰਚ/ਘੜੰਮ ਚੌਧਰੀ ਬਣ ਹੋਕੇ ਦਿੰਦੀ ਫਿਰਦੀ ਹੈ ਕਿ ਹੈ ਕੋਈ ਮੇਰੇ ਵਰਗਾ, ਕੌਣ ਕਰ ਲਊ ਮੇਰੀ ਰੀਸ, ਮੈਂ ਤਾਂ ਕੁੱਤੀਆਂ ਚੜ੍ਹਾਦੂੰ ਕੰਧਾਂ ਤੇ ਆਦਿ। ਗੱਲ ਕੀ ਕਿ ਅੰਨਾ ਹੋਇਆ ਇਨਸਾਨ ਹਰ ਉਹ ਹੀਲਾ ਕਰਦਾ ਹੈ ਜਿਸ ਨਾਲ ਉਸਦੀ ਹਉਮੈ ਨੂੰ ਪੱਠੇ ਪੈਣ ਤੇ ਫਿਰ ਉਹ ਕੋਈ ਮੌਕਾ ਵੀ ਅਜਾਈਂ ਨਹੀਂ ਜਾਣ ਦਿੰਦਾ।

ਜਿਸ ਤਰ੍ਹਾਂ ਦੁਨੀਆ ਗੋਲ ਹੈ ਉਸੇ ਤਰ੍ਹਾਂ ਫਿਰ ਹਉਮੈ ਵੀ ਆਂਡੇ ਦੇਣ ਆਪਣੇ ਹੀ ਘਰ ਆਉਂਦੀ ਹੈ। ਫਿਰ ਬਹੁਤੇ ਪ੍ਰਵਾਸੀਆਂ ਦੇ ਘਰਾਂ ਵਿੱਚ ਜਜਮਾਨਾਂ ਵਾਂਗੂੰ ਨਿੱਤ ਕੁੱਤੀ-ਚੀਕਾ ਹੁੰਦਾ । ਫਿਰ ਪਾਣੀ, ਗੈਸ, ਬਿਜਲੀ, ਫੋਨ ਦੇ ਬਿੱਲਾਂ ਪਿੱਛੇ, ਗੱਡੀਆਂ ਤੇ ਘਰ ਦੀਆਂ ਕਿਸ਼ਤਾਂ ਕਰਕੇ, ਆਦਿ ਨਿੱਤ ਕਲੇਸ਼ ਹੁੰਦਾ। ਤੇ ਫਿਰ ਫਿਕਰ, ਚਿੰਤਾ, ਡਰ, ਗੁੱਸਾ, ਲਾਲਚ, ਈਰਖਾ, ਭੁਲੇਖੇ, ਆਦਿ ਆ ਇਹਨਾਂ ਨੂੰ ਘੇਰਦੇ ਹਨ। ਫਿਰ ਤਿਤਲੀਆਂ ਨੂੰ ਖੰਭ ਲੱਗਦੇ ਹਨ ਤੇ ਗੱਲਾਂ ਖ਼ਬਰਾਂ ਬਣਦੀਆਂ ਹਨ ਅਤੇ ਇਹ ਕੂੰਜਾਂ ਵਾਂਗ ਸਹਿ ਕੋਸਾਂ ਦੂਰ ਆਪਣਿਆਂ ਕੋਲ ਮਿੰਟਾਂ ਸਕਿੰਟਾਂ ਵਿੱਚ ਪਹੁੰਚਦੀਆਂ ਹਨ।

 ਫਿਰ ਇਹ ਘਰੇਲੂ ਝਗੜੇ ਫੋਨ, ਵਟਸਐਪ, ਫੇਸਬੁੱਕ, ਆਦਿ ਦੁਆਰਾ ਟੈਲੀਵਿਜ਼ਨ ਨੈੱਟਵਰਕ ਦੇ ਸੋਪ ਔਪਰਾ ਵਾਂਗਰ ਚੱਲਦੇ ਹਨ। ਕੁਝ ਕੁ ਜਸਪਾਲ ਭੱਟੀ ਦੇ ਫਲਾਪ ਸ਼ੋ ਵਾਂਗਰ ਫਲਾਪ ਹੋ ਜਾਂਦੇ ਹਨ ਤੇ ਕੁੱਝ ਬੋਲਡ ਐਂਡ ਬਿਊਟੀਫੁੱਲ ਵਾਂਗਰ ਹਿੱਟ। ਫਿਰ ਇਹ ਆਪਣੇ ਘਰ ਦੀ ਲੱਗੀ ਤੇ ਮਾਤਮ ਮਨਾਉਂਦੇ ਹਨ ਤੇ ਲੋਕ ਇਸਨੂੰ ਬਸੰਤਰ ਸਮਝ ਹੱਥ ਸੇਕਦੇ ਹਨ।

ਇਸੇ ਬਹਾਨੇ ਪੁਲਸ, ਕੋਰਟਾਂ, ਵਕੀਲਾਂ, ਸਰਪੰਚਾਂ, ਕਾਉਂਸਲਰਾਂ, ਆਦਿ ਦਾ ਤੋਰੀ ਫੁਲਕਾ ਚੱਲਦਾ ਰਹਿੰਦਾ ਤੇ ਮੇਰੇ ਵਰਗੇ ਲੇਖਕਾਂ ਦੀ ਕਲਮ ਨੂੰ ਮਸਾਲਾ ਮਿਲ ਜਾਂਦਾ। ਬਹੁਤੇਰਿਆਂ ਨੂੰ ਆਪਣੇ ਜੁਆਕਾਂ ਦਾ ਕੁਰਾਹੇ ਪੈਣ ਦਾ ਡਰ ਸਤਾਉਂਦਾ ਅਤੇ ਉਹਨਾਂ ਨੂੰ ਆਪਣੀਆਂ ਕਮਾਈਆਂ ਵੱਢ-ਵੱਢ ਖਾਂਦੀਆਂ। ਜ਼ਿੰਦਗੀ ਫਿਰ ਐਸਾ ਪਲਟਾ ਖਾਂਦੀ ਹੈ ਕਿ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਤੇ ਦਿਨ ਨੂੰ ਚੈਨ। ਪਰ ਇਸ ਸਮੱਸਿਆ ਦਾ ਵੀ ਹੱਲ ਹੈ ਤੇ ਉਹ ਹੈ ਗੁਰਬਾਣੀ। 

ਆਸਟ੍ਰੇਲੀਆ ਵਿੱਚ ਪੰਜਾਬੀ ਪ੍ਰਵਾਸ ਦੀ ਇਹ ਤੀਜੀ ਲਹਿਰ ਹੈ ਅਤੇ ਇਹ ਪਿਛਲੀਆਂ ਦੋਹਾਂ ਨਾਲੋਂ ਬਹੁਤ ਵੱਡੀ ਹੈ। ਹੁਣ ਬਹੁਤੇ ਪੰਜਾਬੀ ਸਟੂਡੈਂਟ ਅਤੇ ਸਕਿੱਲਡ ਵੀਜ਼ੇ ਦੇ ਆਧਾਰ ਤੇ ਆ ਰਹੇ ਹਨ ਅਤੇ ਬਹੁਤੇ ਗੁਰਬਾਣੀ ਨਾਲੋਂ ਟੁੱਟੇ ਹੋਏ ਹਨ। ਇਹ ਆਵਦਾ ਪਤਿਤਪੁਣਾ ਨਾਲ ਲੈਕੇ ਆਉਂਦੇ ਹਨ ਅਤੇ ਗੋਰਿਆਂ ਦੀ ਮਾਇਆ ਵਿੱਚ ਗੁਆਚਣ ਦਾ ਕੋਈ ਮੌਕਾ ਨਹੀਂ ਗਵਾਉਂਦੇ। ਕੁਝ ਕੁ ਨੇ ਤਾਂ ਆਪਣਾ ਧਰਮ ਵੀ ਛੱਡ ਦਿੱਤਾ ਹੈ। 

ਪਰ ਇੱਥੇ ਪੁੱਠੀ ਗੰਗਾ ਵਗ ਰਹੀ ਹੈ। ਗੋਰੇ ਆਪਣਾ ਧਰਮ ਛੱਡ ਪੂਰਬੀ ਦਰਸ਼ਨ ਵੱਲ ਜਾ ਰਹੇ ਹਨ। ਜਿਸ ਕਰਕੇ ਆਯੁਰਵੇਦ, ਯੋਗ, ਰੇਕੀ, ਐਕਿਊਪੰਕਚਰ, ਸਨਾਤਨ, ਬੋਧੀ, ਇਸਲਾਮ ਤੇ ਸਿੱਖ ਧਰਮ, ਆਦਿ ਬੜੀ ਤੇਜ਼ੀ ਨਾਲ ਫੈਲ ਰਹੇ ਹਨ। ਕਾਰਨ ਸਪੱਸ਼ਟ ਹੈ ਕਿ ਕੀ ਗੋਰਾ ਤੇ ਕੀ ਸਾਂਵਲਾ ਕਲਯੁਗ ਵਿੱਚ ਬਹੁਤੇ ਲੋਕ ਭਟਕੇ ਹੋਏ ਹਨ। 

ਬਹੁਤਿਆਂ ਨੂੰ ਦੂਜਿਆਂ ਦੀ ਥਾਲੀ ਵਿੱਚ ਲੱਡੂ ਵੱਡਾ ਲੱਗਦਾ ਹੈ। ਗੋਰਿਆਂ ਨੂੰ ਕਾਲੇ, ਸਾਂਵਲੇ ਤੇ ਪੀਲੇ ਪਸੰਦ ਆ ਰਹੇ ਹਨ ਤੇ ਇਹਨਾਂ ਨੂੰ ਗੋਰੇ। ਇਹੀ ਰੁਝਾਨ ਅੰਤਰਾਸ਼ਟਰੀ ਵਿਉਪਾਰ ਤੇ ਜਿਓਪੌਲੀਟਿਕਸ ਵਿੱਚ ਹੈ। ਕਹਿਣ ਦਾ ਭਾਵ ਇਹ ਹੈ ਕਿ ਕਿਸੇ ਭੁੱਖੇ ਨੇ ਪੁੱਛਿਆ ਕਿ ਇੱਕ ਤੇ ਇੱਕ ਕਿੰਨੇ ਹੋਏ, ਅੱਗੋਂ ਜੁਆਬ ਆਇਆ ਦੋ ਰੋਟੀਆਂ।

ਸੋ ਇਸ ਦੁਨੀਆ ਵਿੱਚ ਸਭ ਭੁੱਖੇ ਤੇ ਮੰਗਤੇ ਹੀ ਹਨ। ਸਭ ਨੂੰ ਆਪੋ ਆਪਣੀ ਪਈ ਹੋਈ ਹੈ। ਜੇ ਮੰਨੋ ਤਾਂ ਸਭ ਆਪਣੇ ਹੀ ਹਨ ਜੇ ਨਾ ਮੰਨੋ ਤਾਂ ਸਭ ਬੇਗਾਨੇ। ਸੋ ਸਰਬ ਰੋਗ ਕਾ ਅਉਖਦ ਨਾਮ ਦੇ ਵਾਕ ਅਨੁਸਾਰ ਪੰਜਾਬੀ ਵੀਰਾਂ ਭੈਣਾਂ ਨੂੰ ਬੇਨਤੀ ਹੈ ਬਈ ਆਵਦਾ ਮੂਲ ਨੂੰ ਨਾ ਗਵਾਓ। ਗੁਰਬਾਣੀ ਦੇ ਲੜ ਲੱਗੋ ਤੇ ਆਪਣੇ ਵਿਕਾਰਾਂ ਤੇ ਕਾਬੂ ਪਾਓ। 

ਆਪਣੀ ਹਉਮੈ ਦੇ ਜ਼ੋਰ ਨਾਲ ਪਾਉਣ ਨੂੰ ਤਾਂ ਤੁਸੀਂ ਸਾਰੇ ਭੂ ਖੰਡਾਂ ਤੇ ਫ਼ਤਿਹ ਪਾ ਸਕਦੇ ਹੋ ਪਰ ਮਰਨਾ ਫਿਰ ਵੀ ਤੁਸੀਂ ਕੌਡੀਆਂ ਦੇ ਭਾਅ ਹੀ ਹੈ। ਤੁਹਾਡੇ ਰਾਜ ਘਰਾਣਿਆਂ ਦਾ ਵੀ ਉਸੇ ਤਰ੍ਹਾਂ ਜਲੂਸ ਨਿਕਲੇਗਾ ਜਿਸ ਤਰ੍ਹਾਂ ਗੋਰਿਆਂ ਦੇ ਰਾਜ ਘਰਾਣਿਆਂ ਦਾ। ਇਹਨਾਂ ਦੀ ਪੱਤ ਹਰ ਸਾਲ ਅਖ਼ਬਾਰਾਂ/ਟੀ ਵੀ ਵਿੱਚ ਰੁਲਦੀ ਹੈ ਤੇ ਆਮ ਇਨਸਾਨ ਦਾ ਇਖ਼ਲਾਕ ਆਪਣੇ ਪਿੰਡਾਂ ਦੇ ਕਮ ਜਾਤਾਂ ਤੋਂ ਵੀ ਨੀਵਾਂ। ਖਸਮੁ ਵਿਸਾਰੇ ਤੇ ਕਮਜਾਤਿ। ਨਾਨਕ ਨਾਵੈ ਬਾਝੁ ਸਨਾਤੁ ।।4।।3।।

ਤੁਹਾਨੂੰ ਭਾਰਤ ਵਿੱਚੋਂ ਇਸ ਕਰਕੇ ਨਹੀਂ ਉਜਾੜਿਆ ਜਾ ਰਿਹਾ ਕਿ ਤੁਸੀਂ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਇਸ਼ਟ ਗਵਾਓ ਤੇ ਕੁੱਤੇ ਦੀ ਮੌਤ ਮਰੋਂ। ਸਗੋਂ ਤੁਹਾਡੇ ਪਰਵਾਸ ਨਾਲ ਗਿਆਨ ਤੇ ਸਿੱਖੀ ਦਾ ਵੀ ਪਰਵਾਸ ਹੋ ਰਿਹਾ। ਜੇ ਗੁਰਬਾਣੀ ਨਾਲ ਜੁੜੇ ਰਹੋਂਗੇ ਤਾਂ ਵਿਦੇਸ਼ਾਂ ਵਿੱਚ ਵੀ ਰਾਜ ਮਾਣੋਂਗੇ ਕਿਉਂਕਿ ਇਹਨਾਂ ਮੁਲਕਾਂ ਵਿੱਚ ਅਧਿਆਤਮਕ ਭੂਮੀ ਖਾਲੀ  ਪਈ ਹੈ ਤੇ ਮਾਨਸਿਕ ਸੰਤਾਪ ਦਿਨੋਂ ਦਿਨ ਵੱਧ ਰਿਹਾ ਹੈ। ਸੋ ਖ਼ੁਦ ਗੁਰਬਾਣੀ ਨੂੰ ਸਮਝੋ ਤੇ ਇਹ ਗਿਆਨ ਆਪਣੀ ਅਗਲੀ ਪੀੜੀ ਨੂੰ ਵੀ ਦੇਵੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਤੇ ਤੁਹਾਡੇ ਤੋਂ ਬਾਅਦ ਆਉਣ ਵਾਲਿਆਂ ਨੂੰ ਤੱਤੀ ਵਾ ਵੀ ਨਹੀਂ ਲੱਗੇਗੀ। 

ਸਤਿ ਸ਼੍ਰੀ ਅਕਾਲ।।

ਪੰਜਾਬ ਚੋਣਾਂ 2017

http://wp.me/p4D2Ig-d8 ਦੀ ਅਖੀਰਲੀ ਲੜੀ।

11 ਮਾਰਚ 2017 ਨੂੰ ਵਿਧਾਨ ਸਭਾ ਚੋਣਾਂ 2017 ਦੇ ਨਤੀਜੇ ਆਪ ਪਾਰਟੀ ਦੇ ਸਮਰਥਕਾਂ ਲਈ ਇੱਕ ਵੱਡਾ ਝਟਕਾ ਸਾਬਤ ਹੋਏ ਹਨ। ਅਤੇ ਕਈਆਂ ਨੂੰ ਤਾਂ ਸਦਮਾ ਵੀ ਲੱਗਾ ਹੈ ਅਤੇ ਕਈ ਇਹਨਾਂ ਨਤੀਜਿਆਂ ਤੋਂ ਬਹੁਤ ਨਿਰਾਸ਼ ਵੀ ਹਨ। ਖਾਸ ਕਰਕੇ ਐੱਨ ਆਰ ਆਈ ਭਾਈਚਾਰਾ। ਕਈਆਂ ਨੇ ਤਾਂ ਪੰਜਾਬੀਆਂ ਨੂੰ ਦੋਗ਼ਲੇ, ਮੂਰਖ, ਵਿਕਾਊ, ਆਦਿ ਤੱਕ ਕਹਿ ਦਿੱਤਾ । ਮੇਰਾ ਆਪਣਾ ਝੁਕਾਅ ਕਿਸੇ ਪਾਰਟੀ ਵੱਲ ਨਹੀਂ ਹੈ। ਮੇਰੇ ਤਿੰਨਾਂ ਹੀ ਮੁੱਖ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਦੋਸਤ ਮਿੱਤਰ ਅਤੇ ਸਕੇ ਸੰਬੰਧੀ ਹਨ। ਪਰ ਮੇਰੇ ਪਸੰਦੀਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ ਅਤੇ ਕਈ ਹੋਰ ਸਿਆਸਤਦਾਨ ਵੀ ਮੈਂਨੂੰ ਪਸੰਦ ਹਨ ਜਿਵੇਂ ਕਿ ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਸਿੰਘ ਬੈਂਸ, ਗੁਰਪ੍ਰੀਤ ਸਿੰਘ ਕਾਂਗੜ, ਐੱਚ ਐੱਸ ਫੂਲਕਾ, ਜੀਤ ਮਹਿੰਦਰ ਸਿੰਘ ਸਿੱਧੂ, ਸੁਨੀਲ ਕੁਮਾਰ ਜਾਖੜ, ਸਿਮਰਨਜੀਤ ਸਿੰਘ ਮਾਨ, ਸਿੱਧੂ ਜੋੜੀ, ਆਦਿ। 
ਮੇਰੇ ਇਸ ਲੇਖ ਦਾ ਅਧਿਐਨ, ਆਪ ਦਾ ਮੁੱਖ ਵਿਰੋਧੀ ਧਿਰ ਵਜੋਂ ਉੱਭਰਨਾ ਅਤੇ ਕਾਂਗਰਸ ਦਾ ਸੱਤਾ ਵਿੱਚ ਆਉਣਾ ਹੈ। ਪਹਿਲਾਂ ਗੱਲ ਆਪ ਦੀ ਕਰੀਏ। ਆਪ ਦੀ ਹਾਰ ਦੇ ਕਈ ਕਾਰਨ ਹਨ। ਪਹਿਲਾ, ਇਹ ਇਕ ਨਵੀਂ ਪਾਰਟੀ ਹੈ, ਨਵੇਂ ਚਿਹਰੇ ਹਨ ਅਤੇ ਇਸ ਕੋਲ ਸਾਧਨਾਂ ਦੀ ਕਮੀ ਹੈ। ਦੂਸਰਾ, ਆਪ ਵਾਲਿਆਂ ਦੀ ਆਪਸ ਵਿੱਚ ਫੁੱਟ ਅਤੇ ਮੁੱਖ ਮੰਤਰੀ ਦੇ ਮਾਮਲੇ ਤੇ ਭੰਬਲਭੂਸਾ। ਤੀਸਰਾ, ਪਾਣੀਆਂ ਦੇ ਮਸਲੇ ਤੇ ਕੋਈ ਸਪੱਸ਼ਟ ਸਟੈਂਡ ਨਾ ਹੋਣਾ। ਚੌਥਾ, ਦਿੱਲੀ ਵਿੱਚ ਆਪ ਸਰਕਾਰ ਨੂੰ ਮੋਦੀ ਵੱਲੋਂ ਗ੍ਰਹਿਣ ਲਾਉਣਾ ਅਤੇ ਕਈ ਮਸਲਿਆਂ ਤੇ ਬੇਬਸ ਕਰਨਾ। ਪੰਜਵਾਂ, ਪੰਥਕ ਅਤੇ ਖਾਲ਼ਿਸਤਾਨੀ ਧਿਰਾਂ ਵੱਲੋਂ ਸਮਰਥਨ ਜਿਸ ਕਰਕੇ ਹਿੰਦੂ ਵੋਟ ਦਾ ਕਾਂਗਰਸ ਵੱਲ ਜਾਣਾ।

http://www.sikhsiyasat.info/2017/03/overall-analysis-of-punjab-election-2017-results-talk-with-bhai-ajmer-singh-mandhir-singh/ 

ਛੇਵਾਂ, ਵੱਡੀਆਂ-ਵੱਡੀਆਂ ਰੈਲੀਆਂ ਤੇ ਸੋਸ਼ਲ ਮੀਡੀਏ ਤੇ ਸਰਕਾਰ ਬਣਾਉਣਾ। ਸੱਤਵਾਂ, ਜ਼ਮੀਨ ਤੇ ਆਧਾਰ ਦੀ ਕਮੀ ਅਤੇ ਸਿਆਸੀ ਤਜ਼ਰਬੇ ਦੀ ਘਾਟ। 

ਹੁਣ ਕਰੀਏ ਕਾਂਗਰਸ ਦੀ ਗੱਲ। ਕਾਂਗਰਸ ਦੀ ਸਰਕਾਰ 2012 ਵਿਧਾਨ ਸਭਾ ਚੋਣਾਂ ਵਿੱਚ ਵੀ ਬਣ ਸਕਦੀ ਸੀ ਪਰ ਸੀਟਾਂ ਦੀ ਵੰਡ ਕਰਕੇ ਪਈ ਆਪਸੀ ਫੁੱਟ ਅਤੇ ਗਾਂਧੀ ਪਰਿਵਾਰ ਦਾ ਚੋਣਾਂ ਵਿੱਚ ਦਖ਼ਲ ਹੋਣ ਕਰਕੇ ਇਹ ਸੰਭਵ ਨਹੀਂ ਹੋਇਆ। ਬਾਕੀ ਮਨਪ੍ਰੀਤ ਸਿੰਘ ਬਾਦਲ ਦੀ ਪੀ. ਪੀ. ਪੀ. ਨੇ ਵੀ ਇਹਨਾਂ ਦਾ ਕਾਫੀ ਨੁਕਸਾਨ ਕੀਤਾ। ਇਸ ਵਾਰ ਕੀ ਹੋਇਆ ਜੋ ਪਹਿਲਾਂ ਨਹੀਂ ਸੀ। ਪਹਿਲਾ, ਆਪ ਦੇ ਪੰਜਾਬ ਵਿੱਚ ਉਭਾਰ ਤੋਂ ਪਹਿਲਾਂ ਕਾਂਗਰਸ ਹੀ ਮੁੱਖ ਵਿਰੋਧੀ ਪਾਰਟੀ ਸੀ ਜਿੰਨਾਂ ਨੇ ਦੱਸ ਸਾਲ ਅਕਾਲੀ-ਭਾਜਪਾ ਸਰਕਾਰ ਦਾ ਧੱਕਾ ਸਹਿਆ। ਦੂਸਰਾ, ਟਕਸਾਲੀ ਪਾਰਟੀ ਹੋਣਾ ਅਤੇ ਇਹਨਾਂ ਦੇ ਉਮੀਦਵਾਰਾਂ ਦਾ ਲੋਕ ਆਧਾਰ। ਤੀਸਰਾ, ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਅਤੇ ਇਕ ਪਰਿਵਾਰ ਇਕ ਟਿੱਕਟ ਦਾ ਫਾਰਮੂਲਾ। ਚੌਥਾ, ਸਿੱਧੂ ਜੋੜੀ, ਪਰਗਟ ਸਿੰਘ, ਮਨਪ੍ਰੀਤ ਬਾਦਲ ਅਤੇ ਹੋਰ ਕਈ ਦਲ ਬਦਲੂਆਂ ਦਾ ਪਾਰਟੀ ਵਿੱਚ ਸ਼ਾਮਿਲ ਹੋਣਾ। ਪੰਜਵਾਂ, ਗਾਂਧੀ ਪਰਿਵਾਰ ਵੱਲੋਂ ਪੰਜਾਬ ਚੋਣਾਂ ਤੋਂ ਦੂਰ ਰਹਿਣਾ। ਛੇਵਾਂ, ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਪਦ ਲਈ ਉਭਾਰਨਾ। ਸੱਤਵਾਂ, ਕੈਪਟਨ ਸਾਹਿਬ ਵੱਲੋਂ ਪਰਕਾਸ਼ ਸਿੰਘ ਬਾਦਲ ਵਿਰੁੱਧ ਚੋਣ ਲੜਨਾ। ਅੱਠਵਾਂ, ਆਪਣੀ ਹਾਰ ਹੁੰਦੀ ਵੇਖ ਅਕਾਲੀ-ਭਾਜਪਾ ਵਾਲਿਆਂ ਵੱਲੋਂ ਵਿਰੋਧੀਆਂ ਨੂੰ ਕਾਂਗਰਸ ਨੂੰ ਵੋਟ ਪਾਉਣ ਲਈ ਪ੍ਰੇਰਨਾ।
ਹੁਣ ਕਾਂਗਰਸ ਦੀ ਪੂਰਨ ਬਹੁਮਤ ਵਾਲੀ ਸਰਕਾਰ ਬਣੇਗੀ ਅਤੇ ਆਪ ਲਈ ਮੁੱਖ ਵਿਰੋਧੀ ਧਿਰ ਹੋਣ ਕਰਕੇ ਇੱਕ ਸੁਨਹਿਰੀ ਮੌਕਾ ਹੈ। ਅਕਾਲੀ-ਭਾਜਪਾ ਸਰਕਾਰ ਨੇ ਜੋ ਪੰਜਾਬ ਵਿੱਚ ਅਤੇ ਸਿੱਖ ਕੌਮ ਵਿੱਚ ਜੋ ਗਿਰਾਵਟ ਲਿਆਂਦੀ ਹੈ ਇਹ ਕਾਂਗਰਸ ਲਈ ਟੇਢੀ ਖੀਰ ਸਾਬਤ ਹੋਵੇਗੀ। ਪੰਜਾਬ ਵਿੱਚ ਖੁਣਸੀ ਸਿਆਸਤ ਦਾ ਦੌਰ ਜਾਰੀ ਰਹੇਗਾ ਕਿਸੇ ਨਾ ਕਿਸੇ ਰੂਪ ਵਿੱਚ। ਕਾਂਗਰਸ ਉਹ ਪਾਰਟੀ ਹੈ ਜੋ ਪੰਜਾਬ ਦੀ ਮੰਦੀ ਹਾਲਤ ਲਈ ਸਭ ਤੋਂ ਪਹਿਲਾਂ ਕਸੂਰਵਾਰ ਹੈ। ਜੋ ਲੋਕ ਪੰਜਾਬ ਦੀ ਮੌਜੂਦਾ ਸਥਿਤੀ ਲਈ ਜ਼ਿੰਮੇਵਾਰ ਸਨ, ਉਹ ਦੱਸੋ ਹੁਣ ਮਸਲੇ ਕਿਵੇਂ ਹੱਲ ਕਰ ਲੈਣਗੇ? ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਇੱਕ ਚੰਗੀ ਸਰਕਾਰ ਦੇ ਸਕਦੇ ਹਨ ਪਰ ਪੰਜਾਬ ਦੇ ਬੁਨਿਆਦੀ ਮਸਲੇ ਨਹੀਂ ਸੁਲਝਾ ਸਕਦੇ। ਪਰ ਫਿਰ ਵੀ ਇਹਨਾਂ ਦੀ ਸਰਕਾਰ ਵਿੱਚ ਪੰਜਾਬ ਨੂੰ ਗੁੰਡਾ ਗਰਦੀ ਅਤੇ ਧੱਕੇਸ਼ਾਹੀ ਤੋਂ ਕੁਝ ਹੱਦ ਤੱਕ ਰਾਹਤ ਮਿਲਣ ਦੀ ਉਮੀਦ ਹੈ। ਇਸ ਸਰਕਾਰ ਦੀਆਂ ਨਕਾਮਯਾਬੀਆਂ ਵਿੱਚ ਹੀ ਆਪ ਅਤੇ ਪੰਜਾਬ ਦਾ ਭਵਿੱਖ ਹੈ।

ਪੰਜਾਬ ਚੋਣਾਂ 2017 

​ਪੰਜਾਬ ਦੀ ਸਿਆਸਤ ਇੱਕ ਗੰਦੀ ਖੇਡ ਬਣ ਕੇ ਰਹਿ ਗਈ । ਜੇ ਕੋਈ ਆਸ ਹੈ ਤਾਂ ਉਹ ਹੈ ਆਦਮੀ ਪਾਰਟੀ, ਸਰਬੱਤ ਖਾਲਸਾ ਜਥੇਬੰਦੀਆਂ ਅਤੇ ਚੌਥਾ ਫ਼ਰੰਟ ਤੋਂ  । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਾਂਗਰਸ, ਅਕਾਲੀ ਅਤੇ ਭਾਜਪਾ ਗੱਠਜੋੜ ਨੂੰ ਹੋਰ ਕੋਈ ਮੌਕਾ ਨਹੀਂ ਮਿਲਣਾ ਚਾਹੀਦਾ ਪਰ ਨਵੀਂ ਲਹਿਰ ਵਿੱਚ ਫੁੱਟ ਇਹ ਮੌਕਾ ਦੇ ਵੀ ਸਕਦੀ ਹੈ । ਇਸ ਫੁੱਟ ਦੇ ਕਈ ਕਾਰਨ ਹਨ ਜੋ ਹਨ: 

1. ਆਪ ਪਾਰਟੀ ਪੰਜਾਬ ਵਿੱਚ ਮੁੱਖ ਸਿਆਸੀ ਬਦਲ ਵਜੋਂ ਉਭਰੀ ਹੈ । ਪਰ ਇਸ ਪਾਰਟੀ ਦੇ ਵਿਧਾਨ ਮੁਤਾਬਿਕ ਕੁਨਬਾ ਪ੍ਰਸਤੀ ਨੂੰ ਰੋਕਣ ਲਈ  ਕਿਸੇ ਵੀ ਪਰਿਵਾਰ ਨੂੰ ਇੱਕ ਤੋਂ ਵੱਧ  ਟਿੱਕਟ ਨਹੀਂ ਦਿੱਤੀ ਜਾ ਸਕਦੀ । ਇਸ ਰੋਕ ਵਿੱਚ ਉਸ ਪਰਿਵਾਰ ਦੇ ਰਿਸ਼ਤੇਦਾਰ ਵੀ ਸ਼ਾਮਿਲ ਹਨ । ਕੁਨਬਾ ਪ੍ਰਸਤੀ ਸਿਆਸਤ ਦਾ ਜੱਦੀ ਗੁਣ ਹੈ ਅਤੇ ਜੇ ਯੋਗਤਾ ਹੈ ਤਾਂ ਇਹ ਨੁਕਸਾਨ ਦਾਇਕ ਘੱਟ ਫਾਇਦੇ ਮੰਦ ਜ਼ਿਆਦਾ ਹੈ । ਸੋ ਯੋਗਤਾ ਹੀ ਅਸਲ ਅਸੂਲ ਹੈ ਕਿਉਂ ਜੋ ਭਰੋਸਾ ਇਸਦੀ ਨੀਂਹ ਹੈ । ਇਹ ਇੱਕ ਵੱਡਾ ਕਾਰਨ ਹੈ ਸਿੱਧੂ ਜੋੜੀ ਅਤੇ ਬੈਂਸ ਭਰਾਵਾਂ ਦਾ ਆਪ ਵਿੱਚ ਨਾ ਰਲਣ ਦਾ ।

2. ਆਪ ਅਸੂਲਣ ਤੌਰ ਤੇ  ਇੱਕ ਰਾਸ਼ਟਰੀ ਅਤੇ ਧਰਮ ਨਿਰਪੱਖ ਪਾਰਟੀ ਹੈ । ਇਸਦੇ ਇਸੇ ਗੁਣ ਕਾਰਨ ਇਸਦਾ ਸਰਬੱਤ ਖਾਲਸਾ ਜਥੇਬੰਦੀਆਂ ਨਾਲ ਮੇਲ ਸੰਭਵ ਨਹੀਂ । ਕਿਉਂਕਿ ਸਿੱਖ ਸਿਆਸਤਦਾਨਾਂ ਨੇ ਭਾਰਤੀ ਸੰਵਿਧਾਨ ਤੇ ਕਦੇ ਦਸਤਖ਼ਤ ਨਹੀਂ ਕੀਤੇ ਅਤੇ ਨਾ ਹੀ ਕਰਨੇ ਹਨ । ਜਦ ਸਾਰੀ ਮਨੁੱਖਤਾ ਹੀ ਇੱਕ ਕੁਟੰਬ ਹੈ ਤੇ ਵਿਸ਼ਵ ਇੱਕ ਪਿੰਡ ਤਾਂ  ਰਾਸ਼ਟਰਵਾਦ ਤਾਂ ਅਸੂਲਣ ਤੌਰ ਤੇ ਇੱਕ ਵੱਖਵਾਦੀ ਨੀਤੀ ਹੈ । ਸਾਮਰਾਜਵਾਦ ਅਤੇ ਵਿਸ਼ਵ ਜੰਗਾਂ ਜਿਸ ਦੇ ਪ੍ਰਤੀਕ ਹਨ । ਰਹੀ ਗੱਲ ਧਰਮ ਨਿਰਪੱਖਤਾ ਦੀ ਇਹ ਵੀ ਅਸੂਲਣ ਇੱਕ ਗਲਤ ਨੀਤੀ ਹੈ ਜਿਸ ਕਾਰਨ ਦੁਨੀਆ ਦੇ ਸਾਰੇ ਧਰਮ ਅੱਜ ਖ਼ਤਰੇ ਵਿੱਚ ਹਨ । ਅਜੋਕੇ ਸਮੇਂ ਦੀ ਲੋੜ ਧਰਮ ਨਿਰਪੱਖਤਾ ਨਹੀਂ ਹੈ ਸਗੋਂ ਧਰਮ ਨਿਰਪੱਖ ਧਰਮ ਹੈ ਜੋਕਿ ਸਿੱਖੀ ਪਹਿਲਾਂ ਹੀ ਹੈ । ਬਾਕੀ ਰਹਿੰਦੀ ਕਸਰ ਕੇਜਰੀਵਾਲ ਨੇ ਖ਼ੁਦ ਕੱਢ ਦਿੱਤੀ ਦਿੱਲੀ ਵਿੱਚ ਨਿਰੰਕਾਰੀਆਂ ਦੇ ਜਾ ਕੇ ਅਤੇ ਉਹਨਾਂ ਦੀ ਈਨ ਮੰਨ ਕੇ ।

3. ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਵੀ ਆਪ ਦਾ ਕੋਈ ਸਪੱਸ਼ਟ ਸਟੈਂਡ ਨਹੀਂ ਹੈ । ਕੇਜਰੀਵਾਲ ਨੇ ਪੰਜਾਬ ਵਿੱਚ ਤਾਂ ਮੰਨਿਆ ਕਿ ਪੰਜਾਬ ਦਾ ਆਪਣੇ ਪਾਣੀਆਂ ਤੇ ਪੂਰਾ ਹੱਕ ਹੈ ਪਰ ਹਰਿਆਣੇ ਦੇ ਦਬਾਅ ਥੱਲੇ ਆ ਕੇ ਦਿੱਲੀ ਵਿੱਚ ਟਾਲਮਟੋਲ ਕੀਤੀ । ਸੋ ਇਸ ਮੁੱਦੇ ਉੱਤੇ ਚੌਥੇ ਫ਼ਰੰਟ ਅਤੇ ਸਰਬੱਤ ਖਾਲਸੇ ਦਾ ਸਪੱਸ਼ਟ ਸਟੈਂਡ ਹੈ । 

4. ਚੋਣਾਂ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਕੌਣ ਬਣੇਗਾ ਇਸ ਮੁੱਦੇ ਤੇ ਮੁੱਖ ਵਿਰੋਧੀ ਧਿਰਾਂ ਵਿੱਚ ਕੋਈ ਸਹਿਮਤੀ ਨਹੀਂ । ਇਥੋਂ ਤੱਕ ਕਿ ਆਪ ਦੇ ਅੰਦਰ ਵੀ ਕੋਈ ਸਹਿਮਤੀ ਨਹੀਂ ਅਤੇ ਨਾ ਹੀ ਕੋਈ ਭਰੋਸਾ । ਆਪ ਦੀ ਅੰਦਰੂਨੀ ਫੁੱਟ ਵੀ ਇਸੇ ਦਾ ਨਤੀਜਾ ।

ਚਲਦਾ…