ਔਜ਼ੀ, ਭਾਰਤੀ, ਪੰਜਾਬੀ ਤੇ ਗੁਰਬਾਣੀ

ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਲਗਭਗ 468,800 ਹੈ ਅਤੇ ਪੰਜਾਬੀ ਸਭ ਤੋਂ ਵੱਧ ਰਫਤਾਰ ਨਾਲ ਵੱਧਣ ਵਾਲੀ ਭਾਸ਼ਾ ਹੈ। ਭਾਰਤੀ ਲੋਕਾਂ ਦੇ  ਪਰਵਾਸ ਦਾ ਸਭ ਤੋਂ ਵੱਡਾ ਕਾਰਨ ਆਰਥਿਕ ਤੰਗੀ ਅਤੇ ਬਿਹਤਰ ਜ਼ਿੰਦਗੀ ਦੀ ਤਲਾਸ਼ ਹੈ। ਬਹੁਤੇ ਪ੍ਰਵਾਸੀ ਇੱਥੇ ਆ ਕੇ ਸੁੱਖ ਦਾ ਸਾਹ ਲੈਂਦੇ ਹਨ ਕਿਉਂਕਿ ਨਾ ਤਾਂ ਇੱਥੇ ਕੋਈ ਬਹੁਤੀ ਰਿਸ਼ਵਤਖੋਰੀ ਹੈ, ਨਾ ਸਰਕਾਰ ਦੀ ਵਧੀਕੀ, ਨਾ ਕੋਈ ਦੰਗੇ ਫ਼ਸਾਦ, ਨਾ ਅੱਤਵਾਦ, ਨਾ ਸਿਆਸਤਦਾਨਾਂ ਤੇ ਬਦਮਾਸ਼ਾਂ ਦਾ ਭੈਅ, ਨਾ ਇਸ਼ਕ ਦੇ ਵੈਰੀ, ਨਾ ਇਸ਼ਕ ਤੇ ਪਹਿਰੇ, ਆਦਿ।

ਪੁਲਿਸ, ਪ੍ਰਸ਼ਾਸਨ ਤੇ ਸਿਆਸਤਦਾਨ ਤੁਹਾਨੂੰ ‘ਸਰ’ ਕਹਿਕੇ ਬੁਲਾਉਂਦੇ ਹਨ ਤੇ ਤੁਹਾਨੂੰ ਇਉਂ ਰਗੜਦੇ ਹਨ ਜਿਵੇਂ ਕੋਈ ਮੱਲ ਤੁਹਾਨੂੰ ਮਾਲਸ਼ ਵੇਲੇ ਰਗੜੇ। ਸਰਕਾਰ ਤੁਹਾਨੂੰ ਟੈਕਸਾਂ ਰਾਹੀਂ ਇਉਂ ਚੂਸਦੀ ਹੈ ਜਿਵੇਂ ਭੌਰ ਫੁੱਲ ਨੂੰ। ਇਸੇ ਕਰਕੇ ਹੀ ਤਾਂ ਪ੍ਰਵਾਸੀ ਆਪਣੇ ਜਜਮਾਨਾਂ ਦੇ ਸਿਹਤ ਪ੍ਰਬੰਧ, ਸਿੱਖਿਆ ਦੇ ਮਿਆਰ, ਉੱਚੀ ਰਹਿਣੀ ਸਹਿਣੀ ਆਦਿ ਦੇ ਸੋਹਲੇ ਗਾਉਂਦੇ ਨਹੀਂ ਥੱਕਦੇ।

ਜਦ ਸਖ਼ਤ ਮਿਹਨਤ ਕਰਕੇ ਮਾਇਆ ਜੇਬ ਵਿੱਚ ਆਉਂਦੀ ਹੈ ਤਾਂ ਪ੍ਰਵਾਸੀ ਮਜ਼ਦੂਰ ਫਿਰ ਉਹੋ ਕਰਦਾ ਹੈ ਜੋ ਅੰਨਾ ਅੱਖਾਂ ਦੇ ਮਿਲਣ ਤੇ ਕਰਦਾ ਹੈ, ਭੁੱਖਾ ਰੋਟੀ ਦੇ ਮਿਲਣ ਤੇ, ਨੰਗਾ ਨੰਗੇਜ਼  ਢਕੇ ਜਾਣ ਤੇ, ਨਿਆਸਰਾ ਆਸਰਾ ਮਿਲ ਜਾਣ ਤੇ, ਆਸ਼ਕ ਮਸ਼ੂਕ ਦੇ ਮਿਲਣ ਤੇ, ਨਸ਼ੇੜੀ ਨਸ਼ੇ ਦੇ ਮਿਲਣ ਤੇ, ਅਤੇ ਕੁੱਝ ਅਜਿਹੇ ਵੀ ਹਨ ਜੋ ਇਹ ਮਾਇਆ ਆਪਣੇ ਘਰ ਭੇਜਦੇ ਹਨ ਤੇ ਕੁੱਝ ਲੋਕ ਭਲਾਈ ਤੇ ਲਾਉਂਦੇ ਹਨ। ਪਰ ਬਹੁਤੇ ਇਸ ਪਰਾਈ ਮਾਇਆ ਦੀ ਚਕਾਚੌਂਧ ਵਿੱਚ ਅੰਨੇ ਹੋਕੇ ਇਸ ਵਿੱਚ ਖਚਿਤ ਹੋ ਆਪਣਾ ਮੂਲ ਗਵਾਉਂਦੇ ਹਨ। 

ਜਦ ਇਨਸਾਨ ਨੂੰ ਰੋਟੀ, ਕੱਪੜਾ, ਮਕਾਨ ਆਦਿ ਮਿਲ ਜਾਂਦਾ ਹੈ ਤਾਂ ਉਸਦੀ ਹਉਮੈ ਆਪਣੀ ਹਵਸ ਦੀ ਭਾਲ ਵਿੱਚ ਲੋਕਾਂ ਦੀਆਂ ਕੰਧਾਂ ਢਾਹੁੰਦੀ ਹੈ, ਲੋਕਾਂ ਨੂੰ ਮੱਤਾਂ ਦਿੰਦੀ ਹੈ, ਸ਼ਰੀਕਾਂ ਨੂੰ ਅੱਗ ਲਾਉਂਦੀ ਹੈ, ਤੇ ਸਰਪੰਚ/ਘੜੰਮ ਚੌਧਰੀ ਬਣ ਹੋਕੇ ਦਿੰਦੀ ਫਿਰਦੀ ਹੈ ਕਿ ਹੈ ਕੋਈ ਮੇਰੇ ਵਰਗਾ, ਕੌਣ ਕਰ ਲਊ ਮੇਰੀ ਰੀਸ, ਮੈਂ ਤਾਂ ਕੁੱਤੀਆਂ ਚੜ੍ਹਾਦੂੰ ਕੰਧਾਂ ਤੇ ਆਦਿ। ਗੱਲ ਕੀ ਕਿ ਅੰਨਾ ਹੋਇਆ ਇਨਸਾਨ ਹਰ ਉਹ ਹੀਲਾ ਕਰਦਾ ਹੈ ਜਿਸ ਨਾਲ ਉਸਦੀ ਹਉਮੈ ਨੂੰ ਪੱਠੇ ਪੈਣ ਤੇ ਫਿਰ ਉਹ ਕੋਈ ਮੌਕਾ ਵੀ ਅਜਾਈਂ ਨਹੀਂ ਜਾਣ ਦਿੰਦਾ।

ਜਿਸ ਤਰ੍ਹਾਂ ਦੁਨੀਆ ਗੋਲ ਹੈ ਉਸੇ ਤਰ੍ਹਾਂ ਫਿਰ ਹਉਮੈ ਵੀ ਆਂਡੇ ਦੇਣ ਆਪਣੇ ਹੀ ਘਰ ਆਉਂਦੀ ਹੈ। ਫਿਰ ਬਹੁਤੇ ਪ੍ਰਵਾਸੀਆਂ ਦੇ ਘਰਾਂ ਵਿੱਚ ਜਜਮਾਨਾਂ ਵਾਂਗੂੰ ਨਿੱਤ ਕੁੱਤੀ-ਚੀਕਾ ਹੁੰਦਾ । ਫਿਰ ਪਾਣੀ, ਗੈਸ, ਬਿਜਲੀ, ਫੋਨ ਦੇ ਬਿੱਲਾਂ ਪਿੱਛੇ, ਗੱਡੀਆਂ ਤੇ ਘਰ ਦੀਆਂ ਕਿਸ਼ਤਾਂ ਕਰਕੇ, ਆਦਿ ਨਿੱਤ ਕਲੇਸ਼ ਹੁੰਦਾ। ਤੇ ਫਿਰ ਫਿਕਰ, ਚਿੰਤਾ, ਡਰ, ਗੁੱਸਾ, ਲਾਲਚ, ਈਰਖਾ, ਭੁਲੇਖੇ, ਆਦਿ ਆ ਇਹਨਾਂ ਨੂੰ ਘੇਰਦੇ ਹਨ। ਫਿਰ ਤਿਤਲੀਆਂ ਨੂੰ ਖੰਭ ਲੱਗਦੇ ਹਨ ਤੇ ਗੱਲਾਂ ਖ਼ਬਰਾਂ ਬਣਦੀਆਂ ਹਨ ਅਤੇ ਇਹ ਕੂੰਜਾਂ ਵਾਂਗ ਸਹਿ ਕੋਸਾਂ ਦੂਰ ਆਪਣਿਆਂ ਕੋਲ ਮਿੰਟਾਂ ਸਕਿੰਟਾਂ ਵਿੱਚ ਪਹੁੰਚਦੀਆਂ ਹਨ।

 ਫਿਰ ਇਹ ਘਰੇਲੂ ਝਗੜੇ ਫੋਨ, ਵਟਸਐਪ, ਫੇਸਬੁੱਕ, ਆਦਿ ਦੁਆਰਾ ਟੈਲੀਵਿਜ਼ਨ ਨੈੱਟਵਰਕ ਦੇ ਸੋਪ ਔਪਰਾ ਵਾਂਗਰ ਚੱਲਦੇ ਹਨ। ਕੁਝ ਕੁ ਜਸਪਾਲ ਭੱਟੀ ਦੇ ਫਲਾਪ ਸ਼ੋ ਵਾਂਗਰ ਫਲਾਪ ਹੋ ਜਾਂਦੇ ਹਨ ਤੇ ਕੁੱਝ ਬੋਲਡ ਐਂਡ ਬਿਊਟੀਫੁੱਲ ਵਾਂਗਰ ਹਿੱਟ। ਫਿਰ ਇਹ ਆਪਣੇ ਘਰ ਦੀ ਲੱਗੀ ਤੇ ਮਾਤਮ ਮਨਾਉਂਦੇ ਹਨ ਤੇ ਲੋਕ ਇਸਨੂੰ ਬਸੰਤਰ ਸਮਝ ਹੱਥ ਸੇਕਦੇ ਹਨ।

ਇਸੇ ਬਹਾਨੇ ਪੁਲਸ, ਕੋਰਟਾਂ, ਵਕੀਲਾਂ, ਸਰਪੰਚਾਂ, ਕਾਉਂਸਲਰਾਂ, ਆਦਿ ਦਾ ਤੋਰੀ ਫੁਲਕਾ ਚੱਲਦਾ ਰਹਿੰਦਾ ਤੇ ਮੇਰੇ ਵਰਗੇ ਲੇਖਕਾਂ ਦੀ ਕਲਮ ਨੂੰ ਮਸਾਲਾ ਮਿਲ ਜਾਂਦਾ। ਬਹੁਤੇਰਿਆਂ ਨੂੰ ਆਪਣੇ ਜੁਆਕਾਂ ਦਾ ਕੁਰਾਹੇ ਪੈਣ ਦਾ ਡਰ ਸਤਾਉਂਦਾ ਅਤੇ ਉਹਨਾਂ ਨੂੰ ਆਪਣੀਆਂ ਕਮਾਈਆਂ ਵੱਢ-ਵੱਢ ਖਾਂਦੀਆਂ। ਜ਼ਿੰਦਗੀ ਫਿਰ ਐਸਾ ਪਲਟਾ ਖਾਂਦੀ ਹੈ ਕਿ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਤੇ ਦਿਨ ਨੂੰ ਚੈਨ। ਪਰ ਇਸ ਸਮੱਸਿਆ ਦਾ ਵੀ ਹੱਲ ਹੈ ਤੇ ਉਹ ਹੈ ਗੁਰਬਾਣੀ। 

ਆਸਟ੍ਰੇਲੀਆ ਵਿੱਚ ਪੰਜਾਬੀ ਪ੍ਰਵਾਸ ਦੀ ਇਹ ਤੀਜੀ ਲਹਿਰ ਹੈ ਅਤੇ ਇਹ ਪਿਛਲੀਆਂ ਦੋਹਾਂ ਨਾਲੋਂ ਬਹੁਤ ਵੱਡੀ ਹੈ। ਹੁਣ ਬਹੁਤੇ ਪੰਜਾਬੀ ਸਟੂਡੈਂਟ ਅਤੇ ਸਕਿੱਲਡ ਵੀਜ਼ੇ ਦੇ ਆਧਾਰ ਤੇ ਆ ਰਹੇ ਹਨ ਅਤੇ ਬਹੁਤੇ ਗੁਰਬਾਣੀ ਨਾਲੋਂ ਟੁੱਟੇ ਹੋਏ ਹਨ। ਇਹ ਆਵਦਾ ਪਤਿਤਪੁਣਾ ਨਾਲ ਲੈਕੇ ਆਉਂਦੇ ਹਨ ਅਤੇ ਗੋਰਿਆਂ ਦੀ ਮਾਇਆ ਵਿੱਚ ਗੁਆਚਣ ਦਾ ਕੋਈ ਮੌਕਾ ਨਹੀਂ ਗਵਾਉਂਦੇ। ਕੁਝ ਕੁ ਨੇ ਤਾਂ ਆਪਣਾ ਧਰਮ ਵੀ ਛੱਡ ਦਿੱਤਾ ਹੈ। 

ਪਰ ਇੱਥੇ ਪੁੱਠੀ ਗੰਗਾ ਵਗ ਰਹੀ ਹੈ। ਗੋਰੇ ਆਪਣਾ ਧਰਮ ਛੱਡ ਪੂਰਬੀ ਦਰਸ਼ਨ ਵੱਲ ਜਾ ਰਹੇ ਹਨ। ਜਿਸ ਕਰਕੇ ਆਯੁਰਵੇਦ, ਯੋਗ, ਰੇਕੀ, ਐਕਿਊਪੰਕਚਰ, ਸਨਾਤਨ, ਬੋਧੀ, ਇਸਲਾਮ ਤੇ ਸਿੱਖ ਧਰਮ, ਆਦਿ ਬੜੀ ਤੇਜ਼ੀ ਨਾਲ ਫੈਲ ਰਹੇ ਹਨ। ਕਾਰਨ ਸਪੱਸ਼ਟ ਹੈ ਕਿ ਕੀ ਗੋਰਾ ਤੇ ਕੀ ਸਾਂਵਲਾ ਕਲਯੁਗ ਵਿੱਚ ਬਹੁਤੇ ਲੋਕ ਭਟਕੇ ਹੋਏ ਹਨ। 

ਬਹੁਤਿਆਂ ਨੂੰ ਦੂਜਿਆਂ ਦੀ ਥਾਲੀ ਵਿੱਚ ਲੱਡੂ ਵੱਡਾ ਲੱਗਦਾ ਹੈ। ਗੋਰਿਆਂ ਨੂੰ ਕਾਲੇ, ਸਾਂਵਲੇ ਤੇ ਪੀਲੇ ਪਸੰਦ ਆ ਰਹੇ ਹਨ ਤੇ ਇਹਨਾਂ ਨੂੰ ਗੋਰੇ। ਇਹੀ ਰੁਝਾਨ ਅੰਤਰਾਸ਼ਟਰੀ ਵਿਉਪਾਰ ਤੇ ਜਿਓਪੌਲੀਟਿਕਸ ਵਿੱਚ ਹੈ। ਕਹਿਣ ਦਾ ਭਾਵ ਇਹ ਹੈ ਕਿ ਕਿਸੇ ਭੁੱਖੇ ਨੇ ਪੁੱਛਿਆ ਕਿ ਇੱਕ ਤੇ ਇੱਕ ਕਿੰਨੇ ਹੋਏ, ਅੱਗੋਂ ਜੁਆਬ ਆਇਆ ਦੋ ਰੋਟੀਆਂ।

ਸੋ ਇਸ ਦੁਨੀਆ ਵਿੱਚ ਸਭ ਭੁੱਖੇ ਤੇ ਮੰਗਤੇ ਹੀ ਹਨ। ਸਭ ਨੂੰ ਆਪੋ ਆਪਣੀ ਪਈ ਹੋਈ ਹੈ। ਜੇ ਮੰਨੋ ਤਾਂ ਸਭ ਆਪਣੇ ਹੀ ਹਨ ਜੇ ਨਾ ਮੰਨੋ ਤਾਂ ਸਭ ਬੇਗਾਨੇ। ਸੋ ਸਰਬ ਰੋਗ ਕਾ ਅਉਖਦ ਨਾਮ ਦੇ ਵਾਕ ਅਨੁਸਾਰ ਪੰਜਾਬੀ ਵੀਰਾਂ ਭੈਣਾਂ ਨੂੰ ਬੇਨਤੀ ਹੈ ਬਈ ਆਵਦਾ ਮੂਲ ਨੂੰ ਨਾ ਗਵਾਓ। ਗੁਰਬਾਣੀ ਦੇ ਲੜ ਲੱਗੋ ਤੇ ਆਪਣੇ ਵਿਕਾਰਾਂ ਤੇ ਕਾਬੂ ਪਾਓ। 

ਆਪਣੀ ਹਉਮੈ ਦੇ ਜ਼ੋਰ ਨਾਲ ਪਾਉਣ ਨੂੰ ਤਾਂ ਤੁਸੀਂ ਸਾਰੇ ਭੂ ਖੰਡਾਂ ਤੇ ਫ਼ਤਿਹ ਪਾ ਸਕਦੇ ਹੋ ਪਰ ਮਰਨਾ ਫਿਰ ਵੀ ਤੁਸੀਂ ਕੌਡੀਆਂ ਦੇ ਭਾਅ ਹੀ ਹੈ। ਤੁਹਾਡੇ ਰਾਜ ਘਰਾਣਿਆਂ ਦਾ ਵੀ ਉਸੇ ਤਰ੍ਹਾਂ ਜਲੂਸ ਨਿਕਲੇਗਾ ਜਿਸ ਤਰ੍ਹਾਂ ਗੋਰਿਆਂ ਦੇ ਰਾਜ ਘਰਾਣਿਆਂ ਦਾ। ਇਹਨਾਂ ਦੀ ਪੱਤ ਹਰ ਸਾਲ ਅਖ਼ਬਾਰਾਂ/ਟੀ ਵੀ ਵਿੱਚ ਰੁਲਦੀ ਹੈ ਤੇ ਆਮ ਇਨਸਾਨ ਦਾ ਇਖ਼ਲਾਕ ਆਪਣੇ ਪਿੰਡਾਂ ਦੇ ਕਮ ਜਾਤਾਂ ਤੋਂ ਵੀ ਨੀਵਾਂ। ਖਸਮੁ ਵਿਸਾਰੇ ਤੇ ਕਮਜਾਤਿ। ਨਾਨਕ ਨਾਵੈ ਬਾਝੁ ਸਨਾਤੁ ।।4।।3।।

ਤੁਹਾਨੂੰ ਭਾਰਤ ਵਿੱਚੋਂ ਇਸ ਕਰਕੇ ਨਹੀਂ ਉਜਾੜਿਆ ਜਾ ਰਿਹਾ ਕਿ ਤੁਸੀਂ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਇਸ਼ਟ ਗਵਾਓ ਤੇ ਕੁੱਤੇ ਦੀ ਮੌਤ ਮਰੋਂ। ਸਗੋਂ ਤੁਹਾਡੇ ਪਰਵਾਸ ਨਾਲ ਗਿਆਨ ਤੇ ਸਿੱਖੀ ਦਾ ਵੀ ਪਰਵਾਸ ਹੋ ਰਿਹਾ। ਜੇ ਗੁਰਬਾਣੀ ਨਾਲ ਜੁੜੇ ਰਹੋਂਗੇ ਤਾਂ ਵਿਦੇਸ਼ਾਂ ਵਿੱਚ ਵੀ ਰਾਜ ਮਾਣੋਂਗੇ ਕਿਉਂਕਿ ਇਹਨਾਂ ਮੁਲਕਾਂ ਵਿੱਚ ਅਧਿਆਤਮਕ ਭੂਮੀ ਖਾਲੀ  ਪਈ ਹੈ ਤੇ ਮਾਨਸਿਕ ਸੰਤਾਪ ਦਿਨੋਂ ਦਿਨ ਵੱਧ ਰਿਹਾ ਹੈ। ਸੋ ਖ਼ੁਦ ਗੁਰਬਾਣੀ ਨੂੰ ਸਮਝੋ ਤੇ ਇਹ ਗਿਆਨ ਆਪਣੀ ਅਗਲੀ ਪੀੜੀ ਨੂੰ ਵੀ ਦੇਵੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਤੇ ਤੁਹਾਡੇ ਤੋਂ ਬਾਅਦ ਆਉਣ ਵਾਲਿਆਂ ਨੂੰ ਤੱਤੀ ਵਾ ਵੀ ਨਹੀਂ ਲੱਗੇਗੀ। 

ਸਤਿ ਸ਼੍ਰੀ ਅਕਾਲ।।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s